Kisana ne pushiya ha ja fir na, kendr sarkaar ne mangia hor sma

06/12/20, Cremona, ਕੇਂਦਰ ਸਰਕਾਰ ਨੇ ਅੜਿੱਕੇ ਨੂੰ ਹੱਲ ਕਰਨ ਲਈ ਕੁੱਝ ਹੋਰ ਸਮਾਂ ਮੰਗਦਿਆਂ 9 ਦਸੰਬਰ ਭਾਵ ਬੁੱਧਵਾਰ ਨੂੰ ਦੁਬਾਰਾ ਮੀਟਿੰਗ ਸੱਦੀ ਹੈ | ਮੀਟਿੰਗ ‘ਚ ਕਿਸਾਨ ਆਗੂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ ਸਰਕਾਰ ਤੋਂ ‘ਹਾਂ ਜਾ ਨਾਂ’ ‘ਚ ਜਵਾਬ ਦੇਣ ‘ਤੇ ਅੜੇ |ਹਾਲਾਂਕਿ 9 ਦਸੰਬਰ ਦੀ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਰਕਾਰ ਦੇ ਸੰਜੀਦਾ ਹੋਣ ਦਾ ਭਰੋਸਾ ਦੁਆਉਣ ਲਈ ਕੇਂਦਰ ਸਕਰਾਰ ਨੇ ਇਹ ਜ਼ਰੂਰ ਕਿਹਾ ਕਿ ਐਤਵਾਰ ਨੂੰ ਸਰਕਾਰ ਵਲੋਂ ਇਕ ਠੋਸ ਤਜਵੀਜ਼ ਤਿਆਰ ਕਰਕੇ ਭੇਜੀ ਜਾਵੇਗੀ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਉਸ ਠੋਸ ਤਜਵੀਜ਼ ‘ਤੇ ਸੋਚ ਵਿਚਾਰ ਕਰਕੇ ਬੁੱਧਵਾਰ ਦੀ ਮੀਟਿੰਗ ‘ਚ ਆਪਣਾ ਰੁਖ਼ ਪ੍ਰਗਟ ਕਰਨਗੀਆਂ
ਸਾਢੇ 4 ਘੰਟੇ ਚਲੀ ਮੀਟਿੰਗ ਤੋਂ ਬਾਅਦ ਬਾਹਰ ਨਿਕਲੇ ਕਿਸਾਨ ਕਾਫੀ ਨਿਰਾਸ਼ ਨਜ਼ਰ ਆਏ ਅਤੇ ਬਾਹਰ ਆਉਂਦਿਆਂ ਹੀ ਉਨ੍ਹਾਂ ਪ੍ਰਤੀਕਰਮ ਪੁੱਛੇ ਜਾਣ ‘ਤੇ ਇਕੋ ਸੁਰ ‘ਚ ਦੁਹਰਾਉਂਦਿਆਂ ਕਿਹਾ ‘ਬੇਸਿੱਟਾ’ | 

ਜਦ ਕਿਸਾਨਾਂ ਨੇ ਅੱਧੇ ਘੰਟੇ ਤੱਕ ਧਾਰਿਆ ਮੌਨ ਵਰਤ
ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਸ਼ੰਕਿਆਂ ‘ਤੇ ਵਾਰ-ਵਾਰ ਧਾਰੀ ਚੁੱਪੀ ਦੇ ਪ੍ਰਤੀਕਰਮ ਵਜੋਂ ਕਿਸਾਨ ਆਗੂਆਂ ਨੇ ਵੀ ਮੀਟਿੰਗ ‘ਚ ਕੁੱਝ ਦੇਰ ਲਈ ਮੌਨ ਵਰਤ ਧਾਰ ਲਿਆ | ਡਾ. ਦਰਸ਼ਨਪਾਲ ਮੁਤਾਬਿਕ ਤਕਰੀਬਨ ਅੱਧਾ ਘੰਟਾ ਕਿਸਾਨ ਆਗੂ ਬਿਲਕੁਲ ਚੁੱਪ ਬੈਠੇ ਰਹੇ ਅਤੇ ਕੁੱਝ ਨਹੀਂ ਬੋਲੇ | ਫਿਰ ਕੇਂਦਰ ਵਲੋਂ ਜਦੋਂ ਦੁਬਾਰਾ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹ੍ਹਾਂ ਸਰਕਾਰ ਵਲੋਂ ਸੌਾਪੇ ਗਏ ਕੁੱਝ ਕਾਗਜ਼ਾਂ ਦੇ ਪਿੱਛੇ ਹੀ ‘ਯੈੱਸ ਔਰ ਨੋ’ ਭਾਵ ‘ਹਾਂ ਜਾਂ ਨਾ’ ਲਿਖਦਿਆਂ ਸਰਕਾਰ ਦੇ ਮੂਹਰੇ ਕਰ ਦਿੱਤੇ | ਕਿਸਾਨ ਆਗੂਆਂ ਨੇ ਕੇਂਦਰ ਨੂੰ ਇਕ ਵਾਰ ਫਿਰ ਆਪਣੀ ਮੰਗ ਦੱਸਦਿਆਂ ਕਿਹਾ ਕਿ ਤਿੰਨੇ ਕਾਨੂੰਨ ਰੱਦ ਕਰਨ ਬਾਰੇ ਉਹ ਸਰਕਾਰ ਦੇ ਗੋਲ-ਮੋਲ ਜਵਾਬ ਨਹੀਂ ਸੁਣਨਾ ਚਾਹੁੰਦੇ ਸਗੋਂ ਉਨ੍ਹ੍ਹਾਂ ਨੂੰ ‘ਹਾਂ ਜਾਂ ਨਾ’ ‘ਚ ਹੀ ਜਵਾਬ ਮਨਜ਼ੂਰ ਹੈ |
ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਅੰਦੋਲਨ ‘ਚੋਂ ਵਾਪਸ ਭੇਜਣ ਦੀ ਅਪੀਲ
ਖੇਤੀਬਾੜੀ ਮੰਤਰੀ ਤੋਮਰ ਨੇ ਮੀਟਿੰਗ ਦੇ ਅੰਦਰ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਅੰਦੋਲਨ ਤੋਂ ਵਾਪਸ ਭੇਜ ਦਿੱਤਾ ਜਾਵੇ | ਤੋਮਰ ਨੇ ਠੰਢ ਦੇ ਮੌਸਮ ਤੇ ਕੋਰੋਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੇ ਸਮੇਂ ‘ਚ ਉਨ੍ਹਾਂ ਨੂੰ ਵਾਪਸ ਭੇਜ ਦੇਣਾ ਚਾਹੀਦਾ ਹੈ | ਹਾਲਾਂਕਿ ਕਿਸਾਨਾਂ ਨੇ ਇਸ ਅਪੀਲ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਕੋਈ ਵੀ ਵਾਪਸ ਨਹੀਂ ਜਾਏਗਾ, ਸਗੋਂ ਆਉਣ ਵਾਲੇ ਸਮੇਂ ‘ਚ ਹੋਰ ਵੀ ਲੋਕ ਅੰਦੋਲਨ ‘ਚ ਜੁੜਨਗੇ |
ਤੋਮਰ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹ੍ਹਾਂ ਨੂੰ ਕਿਸਾਨਾਂ ਵਲੋਂ ਕਿਸੇ ਤਰ੍ਹਾਂ ਦੇ ਹੱਲ ਦੀ ਕੋਈ ਪੇਸ਼ਕਸ਼ ਕੀਤੀ ਜਾਂਦੀ ਤਾਂ ਉਨ੍ਹ੍ਹਾਂ ਲਈ ਆਸਾਨ ਹੋਣਾ ਸੀ | ਫਿਰ ਇਹ ਵੀ ਕਿਹਾ ਕਿ ਕੇਂਦਰ ਫਿਰ ਵੀ ਕਿਸਾਨਾਂ ਦੇ ਸੁਝਾਵਾਂ ਦੀ ਉਡੀਕ ਕਰੇਗਾ |
ਕੇਂਦਰ ਹਰ ਸ਼ੰਕੇ ਦਾ ਹੱਲ ਕੱਢਣ ਲਈ ਪੂਰੀ ਤਰ੍ਹਾਂ ਤਿਆਰ-ਤੋਮਰ
ਬੈਠਕ ਤੋਂ ਬਾਹਰ ਨਿਕਲ ਕੇ ਖੇਤੀਬਾੜੀ ਮੰਤਰੀ ਤੋਮਰ ਨੇ ਦੱਸਿਆ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਚਰਚਾ ਦਾ ਪੰਜਵਾਂ ਦੌਰ ਪੂਰਾ ਹੋਇਆ ਹੈ ਅਤੇ ਚਰਚਾ ਬਹੁਤ ਚੰਗੇ ਮਾਹੌਲ ‘ਚ ਹੋਈ ਹੈ | ਤੋਮਰ ਨੇ ਕਿਹਾ ਕਿ ਅਸੀਂ ਭਰੋਸਾ ਦਿਵਾਇਆ ਹੈ ਕਿ ਐਮ.ਐਸ.ਪੀ. ‘ਤੇ ਕਿਸੇ ਵੀ ਪ੍ਰਕਾਰ ਦਾ ਖ਼ਤਰਾ ਅਤੇ ਸ਼ੰਕਾ ਕਰਨੀ ਬੇਬੁਨਿਆਦ ਹੈ ਪਰ ਫਿਰ ਵੀ ਕਿਸੇ ਦੇ ਮਨ ‘ਚ ਕੋਈ ਸ਼ੰਕਾ ਹੈ ਤਾਂ ਸਰਕਾਰ ਉਸ ਦਾ ਹੱਲ ਕੱਢਣ ਲਈ ਪੂਰੀ ਤਰ੍ਹਾਂ ਤਿਆਰ ਹੈ |
ਤੋਮਰ ਨੇ ਕਿਹਾ ਕਿ ਏ.ਪੀ.ਐਮ.ਸੀ. ਐਕਟ ਸੂਬੇ ਦਾ ਹੈ ਅਤੇ ਸੂਬੇ ਦੀ ਮੰਡੀ ਨੂੰ ਕਿਸੀ ਵੀ ਪ੍ਰਕਾਰ ਪ੍ਰਭਾਵਿਤ ਕਰਨ ਦਾ ਇਰਾਦਾ ਨਾ ਤਾਂ ਸਾਡਾ ਹੈ ਅਤੇ ਨਾ ਹੀ ਉਹ ਕਾਨੂੰਨੀ ਰੂਪ ਨਾਲ ਪ੍ਰਭਾਵਿਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਇਸ ‘ਚ ਜੇਕਰ ਕੋਈ ਗਲਤਫਹਿਮੀ ਹੈ ਤਾਂ ਸਰਕਾਰ ਉਸ ਦਾ ਹੱਲ ਕੱਢਣ ਲਈ ਵੀ ਤਿਆਰ ਹੈ |
ਛੇਵੀਂ ਮੀਟਿੰਗ ਦੀ ਤਰੀਕ ਨੂੰ ਲੈ ਕੇ ਪਿਆ ਭੰਬਲਭੂਸਾ
ਕਿਸਾਨਾਂ ਨਾਲ ਅਗਲੇ ਦੌਰ ਦੀ ਮੀਟਿੰਗ ਨੂੰ ਲੈ ਕੇ ਕਾਫੀ ਭੰਬਲਭੂਸਾ ਪਿਆ | ਮੀਟਿੰਗ ਤੋਂ ਬਾਅਦ ਰੋਹ ‘ਚ ਬਾਹਰ ਨਿਕਲੇ ਕੁੱਝ ਕਿਸਾਨਾਂ ਨੇ ਅਗਲੀ ਮੀਟਿੰਗ 7 ਦਸੰਬਰ ਨੂੰ ਹੋਣ ਦੀ ਗੱਲ ਕਹੀ ਜਦਕਿ ਕੁੱਝ 9 ਦਸੰਬਰ ਨੂੰ ਹੋਣ ਦਾ ਦਾਅਵਾ ਕਰ ਰਹੇ ਸਨ | 7 ਤੇ 9 ਦਸੰਬਰ ਦੇ ਵਿਚਕਾਰ ਆਉਣ ਵਾਲੀ 8 ਦਸੰਬਰ ‘ਤੇ ਚਰਚਾ ਦਾ ਸਵਾਲ ਇਸ ਲਈ ਨਹੀਂ ਸੀ ਕਿ ਉਸ ਦਿਨ ਕਿਸਾਨਾਂ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ |
ਇਹ ਭੰਬਲਭੂਸਾ ਉਸ ਵੇਲੇ ਪੂਰੀ ਤਰ੍ਹਾਂ ਸਪੱਸ਼ਟ ਹੋਇਆ ਜਦੋਂ ਇਸ ਦਾ ਐਲਾਨ ਖ਼ੁਦ ਖੇਤੀਬਾੜੀ ਮੰਤਰੀ ਤੋਮਰ ਵਲੋਂ ਕੀਤਾ ਗਿਆ ਕਿ ਮੀਟਿੰਗ 9 ਦਸੰਬਰ ਨੂੰ ਹੋਏਗੀ